ਪੰਜਾਬ ਕਿਵੇਂ ਹੋਵੇਗਾ 'ਕੈਂਸਰ ਮੁਕਤ', ਕੁਲਵੰਤ ਧਾਲੀਵਾਲ ਦੇ ਕੁਝ 'ਅਮਲੀ' ਸੁਝਾਅ

By: ABP Sanjha | | Last Updated: Saturday, 10 February 2018 12:37 PM
ਪੰਜਾਬ ਕਿਵੇਂ ਹੋਵੇਗਾ 'ਕੈਂਸਰ ਮੁਕਤ', ਕੁਲਵੰਤ ਧਾਲੀਵਾਲ ਦੇ ਕੁਝ 'ਅਮਲੀ' ਸੁਝਾਅ

ਇਮਰਾਨ ਖ਼ਾਨ

 

ਜਲੰਧਰ: ਪੰਜਾਬ ਵਿੱਚੋਂ ਰੋਜ਼ਾਨਾ ਸੈਂਕੜੇ ਮਰੀਜ਼ ਕੈਂਸਰ ਦਾ ਇਲਾਜ ਕਰਵਾਉਣ ਬਠਿੰਡਾ ਰੇਲਵੇ ਸਟੇਸ਼ਨ ਤੋਂ ‘ਕੈਂਸਰ ਟ੍ਰੇਨ’ ਵਿਚ ਸਵਾਰ ਹੋ ਕੇ ਰਾਜਸਥਾਨ ਜਾਂਦੇ ਹਨ, ਇਸ ਦਾ ਮਤਲਬ ਇਹ ਹੈ ਕਿ ਰਾਜਸਥਾਨ ਸਾਡੇ ਨਾਲੋਂ ਚੰਗਾ ਸੂਬਾ ਹੈ? ਇਹ ਸਵਾਲ ਹੈ ਮੋਗਾ ਨਾਲ ਸਬੰਧ ਰੱਖਣ ਵਾਲੇ ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਧਾਲੀਵਾਲ ਦਾ। ਧਾਲੀਵਾਲ ਨੂੰ ਜਦ ਇਸ ਸਵਾਲ ਨੇ ਪ੍ਰੇਸ਼ਾਨ ਕੀਤਾ ਸੀ ਤਾਂ ਅੱਜ ਤੋਂ ਕਰੀਬ 15 ਸਾਲ ਪਹਿਲਾਂ ਆਪਣਾ ਕੱਪੜਿਆਂ ਦਾ ਕਾਰੋਬਾਰ ਛੱਡ ਕੇ ਕੈਂਸਰ ਮਰੀਜ਼ਾਂ ਦੇ ਇਲਾਜ ਵਿੱਚ ਹੀ ਲੱਗ ਗਏ ਸਨ। ਇਸ ਤੋਂ ਬਾਅਦ ਉਨਾਂ ‘ਵਰਲਡ ਕੈਂਸਰ ਕੇਅਰ’ ਨਾਂ ਦੀ ਸੰਸਥਾ ਬਣਾਈ ਅਤੇ ਪੰਜਾਬ ਵਿੱਚ ਕੈਂਸਰ ਮਰੀਜ਼ਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

 

ਧਾਲੀਵਾਲ ਅੱਜ-ਕੱਲ੍ਹ ਪੰਜਾਬ ਆਏ ਹੋਏ ਹਨ ਅਤੇ ਆਪਣੀ ਟੀਮ ਨਾਲ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਮਰੀਜ਼ਾਂ ਦੇ ਟੈਸਟ ਕਰਵਾ ਰਹੇ ਹਨ। ਉਨ੍ਹਾਂ ਦਾ ਟੀਚਾ ਹੈ ਕਿ ਪੂਰੇ ਪੰਜਾਬ ਦੇ ਲੋਕਾਂ ਦਾ ਕੈਂਸਰ ਟੈਸਟ ਹੋਵੇ ਅਤੇ ਕੈਂਸਰ ਨੂੰ ਮੁੱਢ ਵਿੱਚ ਹੀ ਯਾਨੀ ਕਿ ਪਹਿਲੀ ਸਟੇਜ ‘ਤੇ ਹੀ ਫੜਿਆ ਜਾ ਸਕੇ।

 

ਕੁਲਵੰਤ ਧਾਲੀਵਾਲ ਦੱਸਦੇ ਹਨ- ਯੂਕੇ ਵਿੱਚ ਵੀ ਕੈਂਸਰ ਦੇ ਬੜੇ ਮਰੀਜ਼ ਸਾਹਮਣੇ ਆ ਰਹੇ ਹਨ ਪਰ ਉੱਥੇ ਪੰਜਾਬ ਵਾਂਗ ਕੈਂਸਰ ਦੇ ਮਰੀਜ਼ਾਂ ਦੀ ਮੌਤ ਦਰ ਜ਼ਿਆਦਾ ਨਹੀਂ ਹੈ। ਉੱਥੇ ਕੈਂਸਰ ਪਹਿਲੀ ਸਟੇਜ ‘ਤੇ ਪਤਾ ਲੱਗ ਜਾਂਦਾ ਹੈ ਜਦਕਿ ਸਾਨੂੰ ਤੀਜੀ ਸਟੇਜ ‘ਤੇ ਉਸ ਬਾਰੇ ਜਾਣਕਾਰੀ ਹੁੰਦੀ ਹੈ। ਇਸੇ ਲਈ ਮੇਰੀ ਕੋਸ਼ਿਸ਼ ਹੈ ਕਿ ਘੱਟੋ-ਘੱਟ ਸਾਨੂੰ ਕੈਂਸਰ ਦਾ ਜਲਦੀ ਪਤਾ ਲੱਗ ਸਕੇ।

 

‘ਵਰਲਡ ਕੈਂਸਰ ਕੇਅਰ’ ਦੀਆਂ 12 ਬੱਸਾਂ ਇਸ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਕੈਂਪ ਲਾ ਕੇ ਕੈਂਸਰ ਦੇ ਟੈਸਟ ਮੁਫਤ ਕਰ ਰਹੀਆਂ ਹਨ। ਹੁਣ ਧਾਲੀਵਾਲ ਜਲੰਧਰ ਵਿੱਚ ਕੈਂਸਰ ਰਿਸਰਚ ਅਤੇ ਅਵੇਅਰਨੈਸ ਸੈਂਟਰ ਖੋਲਣ ਜਾ ਰਹੇ ਹਨ। ਮਾਰਚ ਵਿੱਚ ਮਾਲਵੇ ਵਿੱਚ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਜੋ ਕਿ ਅਗਲੇ ਸਾਲ ਦੀ ਅਖੀਰ ਤੱਕ ਤਿਆਰ ਹੋ ਜਾਣ ਦੀ ਉਮੀਦ ਹੈ। ਇੱਥੇ ਲੋਕਾਂ ਦਾ ਮੁਫਤ ਕੈਂਸਰ ਇਲਾਜ ਹੋਇਆ ਕਰੇਗਾ।

 

ਕੁਲਵੰਤ ਧਾਲੀਵਾਲ ਦਾ ਸੁਫਨਾ ਹੈ ਕਿ ਅਗਲੇ ਤਿੰਨ ਸਾਲ ਵਿੱਚ ਬਠਿੰਡਾ ਤੋਂ ਚੱਲਣ ਵਾਲੀ ‘ਕੈਂਸਰ ਟ੍ਰੇਨ’ ਆਮ ਟ੍ਰੇਨਾਂ ਵਾਂਗ ਚੱਲਣ ਲੱਗ ਜਾਵੇ ਅਤੇ ਪੰਜਾਬ ਵਿੱਚ ਹੀ ਕੈਂਸਰ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਹੋਵੇ। ਉਹ ਕਹਿੰਦੇ ਹਨ- ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਦਾਨ ਦੀ ਦਿਸ਼ਾ ਬਦਲੀਏ। ਬਹੁਤ ਮੰਦਰ-ਗੁਰੂਦੁਆਰਿਆਂ ਵਿੱਚ ਪੱਖੇ ਦਾਨ ਕਰ ਦਿੱਤੇ। ਹੁਣ ਸਾਨੂੰ ਸਾਫ ਪਾਣੀ, ਐਜੂਕੇਸ਼ਨ ਅਤੇ ਮੈਡੀਕਲ ਦਾਨ ਸ਼ੁਰੂ ਕਰਨਾ ਹੋਵੇਗਾ।

 

ਪੰਜਾਬ ਵਿੱਚ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ‘ਤੇ ਕਹਿੰਦੇ ਹਨ- ਅਸੀਂ ਵਿਖਾਵਾ ਬਹੁਤ ਕਰਨ ਲੱਗ ਪਏ। ਪਹਿਲਾਂ ਜਦੋਂ ਜੱਟ ਸਾਲ ਵਿੱਚ ਇੱਕ ਫਸਲ ਲਾਉਂਦਾ ਸੀ ਤਾਂ ਖੁਸ਼ ਸੀ। ਹੁਣ ਤਿੰਨ ਲਾ ਕੇ ਵੀ ਮਰ ਰਿਹਾ ਹੈ। ਕਿਸਾਨਾਂ ਕੋਲ ਤਾਂ ਜ਼ਮੀਨਾਂ ਵੀ ਨੇ ਦਲਿਤਾਂ ਕੋਲ ਤਾਂ ਉਹ ਵੀ ਨਹੀਂ ਪਰ ਉਹ ਖ਼ੁਦਕੁਸ਼ੀ ਨਹੀਂ ਕਰ ਰਹੇ। ਅਸੀਂ ਲਾਇਫ ਸਟਾਇਲ ਨੂੰ ਹੀ ਅਜਿਹਾ ਬਣਾ ਲਿਆ ਹੈ ਕਿ ਜਿਉਣਾ ਔਖਾ ਹੋ ਰਿਹਾ ਹੈ। ਜੇਕਰ ਅਸੀਂ ਸਾਦਾ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿਆਂਗੇ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੋਣ ਲੱਗੀ। ਅਸੀਂ ਤਾਂ ਹੁਣ ਭੋਗ ‘ਤੇ ਵੀ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਘਰ ਕੋਈ ਮਰ ਜਾਂਦਾ ਹੈ ਤਾਂ ਵੀ ਅਸੀਂ ਜਲੇਬੀਆਂ ਪਕਾਉਂਦੇ ਹਾਂ।

 

ਕੈਂਸਰ ਜਾਂਚ ਕੈਂਪਾਂ ਵਿੱਚ ਅੱਜਕਲ ਔਰਤਾਂ ਵਿੱਚ ਸਭ ਤੋਂ ਜ਼ਿਆਦਾ ਛਾਤੀ ਦੇ ਕੈਂਸਰ ਅਤੇ ਬੰਦਿਆਂ ਵਿੱਚ ਬ੍ਰੈਸਟ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਜ਼ਿਆਦਾਤਰ ਕੈਂਸਰ ਬਾਰੇ ਤੀਜੀ ਸਟੇਜ ‘ਤੇ ਪਤਾ ਲਗਦਾ ਹੈ ਜਿੱਥੇ ਇਲਾਜ ਮੁਸ਼ਕਿਲ ਅਤੇ ਮਹਿੰਗਾ ਹੋ ਜਾਂਦਾ ਹੈ। ਧਾਲੀਵਾਲ ਮੁਤਾਬਕ- ਪੰਜਾਬ ਵਿੱਚ ਬਾਬੇ ਕੈਂਸਰ ਪੀੜਤ ਮਰੀਜਾਂ ਨੂੰ ਆਪਣੇ ਨਾਲ ਲਾਈ ਰੱਖਦੇ ਹਨ ਜਦਕਿ ਉਨਾਂ ਨੂੰ ਹਸਪਤਾਲ ਵੱਲ ਭੇਜਣਾ ਚਾਹੀਦਾ ਹੈ। ਉਹ ਕਹਿੰਦੇ ਹਨ ਜੇਕਰ ਐਨਆਰਆਈ ਆਪਣਾ-ਆਪਣਾ ਪਿੰਡ ਹੀ ਗੋਦ ਲੈ ਲੈਣ ਤਾਂ ਵੀ ਪੰਜਾਬ ਦਾ ਭਲਾ ਹੋ ਸਕਦਾ ਹੈ।

First Published: Saturday, 10 February 2018 12:37 PM