ਇਕੱਲਤਾ ਖਾ ਗਈ ਬੰਦੇ ਨੂੰ!

By: ਯਾਦਵਿੰਦਰ ਸਿੰਘ | | Last Updated: Sunday, 21 January 2018 5:49 PM
ਇਕੱਲਤਾ ਖਾ ਗਈ ਬੰਦੇ ਨੂੰ!

ਯਾਦਵਿੰਦਰ ਸਿੰਘ

“ਇਕੱਲਤਾ ਖਾ ਗਈ ਮਲਕੀਤ ਜੀ ਨੂੰ”। ਮੇਰੇ ਜਵਾਬ ‘ਚ ਦੋਸਤ ਨੇ ਕਿਹਾ ‘ਵੈਸੇ ਇਕੱਲਤਾ ਜੀਵਨ ਬਖ਼ਸ਼ਦੀ ਹੈ’। ਮੈਂ ਕਿਹਾ ‘ਜ਼ਿੰਦਗੀ ਦੇ ਸੰਦਰਭ ਤੇ ਬੰਦੇ ਦੀ ਸਮਝ, ਤਾਸੀਰ ਨਾਲ ਬਹੁਤ ਕੁਝ ਤੈਅ ਹੁੰਦਾ।’ ਅਸਲ ‘ਚ ਸੰਵੇਦਨਾ ਹੀ ਮਨੁੱਖ ਨੂੰ ਜਿਉਂਦਾ ਰੱਖਦੀ ਹੈ। ਸੰਵੇਦਨਾ ਮਰਨ ਨਾਲ ਮਨੁੱਖ ਮਰ ਜਾਂਦੈ। ‘ਕਲਾਕਾਰ’ ਇਸੇ ਲਈ ਹਮੇਸ਼ਾਂ ‘ਅਸਾਧਾਰਨ’ ਜ਼ਿੰਦਗੀ ਜਿਉਂਦਾ ਹੈ ਕਿਉਂਕਿ ਉਹ ‘ਸਧਾਰਨ’ ਹੁੰਦਾ ਹੀ ਨਹੀਂ।

 

ਆਰਟਿਸਟ ਮਲਕੀਤ ਸਿੰਘ ਚਲੇ ਗਏ। 48 ਸੈਕਟਰ ਦੇ ਫਲੈਟੋਂ ਲਾਸ਼ ਪਿੰਡ ਰੋਡੇ-ਲੰਡੇ ਚਲੀ ਗਈ। ਸਸਕਾਰ ਹੋ ਗਿਆ। ਹੁਣ ਬੱਸ ਯਾਦਾਂ ਨੇ। ਜਿਵੇਂ ਕੋਈ ਕਹੇ ‘ਮਰੇ ਪਿੱਛੋਂ ਹੋਈ ਤਾਂ ਸਲਾਮ ਕਿਹੜੇ ਕੰਮ ਦੀ’….ਮਲਕੀਤ ਜੀ ਨਾਲ ਮੇਰਾ ਕੋਈ ਸਿੱਧਾ ਵਾਹ ਵਾਸਤਾ ਨਹੀਂ ਸੀ। ਉਨ੍ਹਾਂ ਬਾਰੇ ਥੋੜ੍ਹਾ ਬਹੁਤ ਸੁਣਿਆ ਜ਼ਰੂਰ ਸੀ।

 

ਡੇਢ ਕੁ ਸਾਲ ਪਹਿਲਾਂ ‘ਦ ਟ੍ਰਿਬਿਊਨ’ ਦੇ ਤਤਕਾਲੀ ਬਿਓਰੋ ਚੀਫ਼ ਸਰਬਜੀਤ ਧਾਲੀਵਾਲ ਹੋਰਾਂ ਨੂੰ ਕੁਝ ਸਮੇਂ ਤੋਂ ਆਪਣੇ ਇੱਕ ‘ਕੰਮ’ ਲਈ ਕਹਿ ਰਿਹਾ ਸੀ। ਹਰ ਵਾਰ ਜਦੋਂ ਫੋਨ ਕਰਨਾ ਉਨ੍ਹਾਂ ਕਹਿਣਾ ‘ਹਾਂ ਮੈਂ ਸੋਚ ਰਿਹਾਂ’। ਫੇਰ ਇੱਕ ਦਿਨ ਰਾਤ ਨੂੰ ਕਾਲ ਆਈ ‘ਆਜਾ ਸਵੇਰੇ 6 ਵਜੇ। ਮੇਰੇ ਘਰ ਕੋਲ 49 ਸੈਕਟਰ ਪਾਰਕ ‘ਚ ਸੈਰ ਕਰਦੇ ਹਾਂ। ਸੈਰ ਮੁੱਕੀ ਤਾਂ ਕਹਿੰਦੇ ‘ਚੱਲ ਤੇਰੇ ‘ਕੰਮ’ ਲਈ ਇੱਕ ਬੰਦੇ ਨਾਲ ਮਿਲਵਾਉਣਾ’। ਇਹ ‘ਕੰਮ’ ਕਰਵਾ ਸਕਦੇ ਨੇ ਤੇਰਾ।

 

ਆਰਟਿਸਟ ਮਲਕੀਤ ਨਾਲ ਇਹ ਪਹਿਲੀ ਮੁਲਾਕਾਤ ਸੀ। ਓਦਣ ਵੀ ਬੀਮਾਰ ਸੀ ਉਹ। ਵਾਵਾ ਗੱਲਾਂ ਹੋਈਆਂ। ਮੱਲੋ ਮੱਲੀ ਉਨ੍ਹਾਂ ਦੀ ਹਰ ਗੱਲ ‘ਚ ਪਿੰਡ ਆ ਜਾਂਦਾ। ਮੈਨੂੰ ਜਚ ਜੇ ਗਏ ਉਹ। ਮੈਂ ਸੋਚਿਆ ਕਿੰਨੀ ਖੂਬਸੂਰਤ ਗੱਲ ਐ ‘ਸਾਰੀ ਉਮਰ ਚੰਡੀਗੜ੍ਹ ਸ਼ਹਿਰ ਦੇ ਇਲੀਟ ਸਰਕਲਾਂ ‘ਚ ਰਹੇ ਬੰਦੇ ‘ਤੇ ਸ਼ਹਿਰ ਦਾ ਰੰਗ ਨਹੀਂ ਚੜ੍ਹਿਆ।’ ਅਜਿਹੇ ਲੋਕਾਂ ‘ਚ ਮੈਂ ਜਲਦੀ ਸਹਿਜ ਹੋ ਜਾਨਾਂ। ਮੈਨੂੰ ਮਲਕੀਤ ਜੀ ਦੇ ਸੁਭਾਅ ਨਾਲ ਪਿਆਰ ਹੋ ਗਿਆ। ਗੱਲਾਂ ਕਰਦਿਆਂ-ਕਰਦਿਆਂ ਅਸੀਂ ਚਾਹ ਬਣਾਈ। ਚਾਹ ਪੀਤੀ ਪਰ ਮੇਰੇ ‘ਕੰਮ’ ਦੀ ਕੋਈ ਗੱਲ ਨਾ ਹੋਈ। ਜਾਂਦੇ ਹੋਏ ਮੈਨੂੰ ਕਹਿੰਦੇ ‘ਆ ਜਾਇਆ ਕਰ ਯਾਰ ਜਦੋਂ ਟਾਈਮ ਹੁੰਦੈ।’

 

ਫੇਰ ਮਲਕੀਤ ਜੀ ਨਾਲ ਫੋਨ ‘ਤੇ ਗੱਲ ਹੋਣ ਲੱਗੀ। ਕੁਦਰਤੀ ਸਮਾਂ ਪੈਣ ਨਾਲ ਮੈਂ ‘ਕੰਮ’ ਵਾਲੀ ਇੱਛਾ ਤੋਂ ਵੀ ‘ਮੁਕਤ’ ਹੋ ਗਿਆ। ਇੱਕ ਦਿਨ ਮੈਂ ਸ਼ਾਮ 5-6 ਵਜੇ ਫੋਨ ‘ਤੇ ਪੁੱਛਿਆ ‘ਘਰ ਹੋਂ? ਕਹਿੰਦੇ ਆਜਾ ਮੈਂ ਕਿੱਥੇ ਜਾਣਾ। ਘਰ ਈ ਆਂ। ਮੈਂ ਘਰ ਗਿਆ। ਉਹ ਦਵਾਈਆਂ ਦਾ ਥੱਬਾ ਮੇਜ਼ ‘ਤੇ ਰੱਖੀਂ ਬੈਠੇ ਸੀ। ਕਹਿੰਦੇ ਯਾਰ ਇਹ ਦਵਾਈਆਂ ਪਤਾ ਨਹੀਂ ਮੈਂ ਖਾ ਰਿਹਾਂ ਜਾਂ ਮੈਨੂੰ ਖਾ ਰਹੀਆਂ ਨੇ। ਫੇਰ ਇਕਦਮ ਮੈਨੂੰ ਪੁੱਛਿਆ ‘ਪੈਗ ਲਾਵੇਂਗਾ? ਸ਼ਰਾਬ ਪਈ ਆ ਪਰ ਮੈਂ ਸਿਹਤ ਕਾਰਨ ਕੰਪਨੀ ਨਹੀਂ ਦੇ ਸਕਦਾ। ਮੈਂ ਕਿਹਾ ਨਹੀਂ ਸਰ ਮੈਂ ਛੱਡੀ ਹੋਈ ਆ।’

 

ਕਹਿੰਦੇ ਮੈਂ ਇਕੱਲਾ ਹੀ ਰਹਿਨਾ। ਚਾਹ ਕਿਸੇ ਨੇ ਨਹੀਂ ਬਣਾਉਣੀ। ਤੂੰ ਚਾਹ ਬਣਾ ਲੈ। ਮੈਂ ਚਾਹ ਬਣਾ ਲਈ। ਉਨ੍ਹਾਂ ਨੇ ਰਾਮਦੇਵ ਦੇ ਬਿਸਕੁਟ ਰੱਖ ਦਿੱਤੇ। ਗੱਲਾਂ ਸ਼ੁਰੂ ਹੋ ਗਈਆਂ। ਕਲਾ, ਪਿੰਡ, ਜ਼ਿੰਦਗੀ ਦੀਆਂ ਕੌੜੀਆਂ-ਮਿੱਠੀਆਂ ਗੱਲਾਂ ਹੁੰਦੀਆਂ ਰਹੀਆਂ। ਪਤਾ ਨਹੀਂ ਏਨੇ ਨੇੜੇ ਹੋ ਗਏ ਜਾਂ ਉਨ੍ਹਾਂ ਕੋਲ ਕੋਈ ਸੁਣਨ ਵਾਲਾ ਬੜੀ ਦੇਰ ਬਾਅਦ ਆਇਆ ਸੀ। ਮੇਰੇ ਨਾਲ ਪਰਿਵਾਰਕ ਟੁੱਟ ਭੱਜ ਦੀਆਂ ਗੱਲਾਂ ਕਰਨ ਲੱਗੇ। ਪਤਨੀ-ਬੱਚੇ ਟੌਰਾਂਟੋ ਰਹਿੰਦੇ ਨੇ। ਵਾਵਾ ਚਿਰ ਹੋ ਗਿਆ ਅਲੱਗ ਹੋਇਆਂ ਨੂੰ। ਕਹਿੰਦੇ ਕਾਫੀ ਸਮੇਂ ਦਾ ਬੀਮਾਰ ਹਾਂ ਪਰ ਮਿਲਣ ਨਹੀਂ ਆਉਂਦਾ ਕੋਈ। ਯਾਰਾਂ ਦੋਸਤਾਂ ਦੇ ਗੇੜੇ ਵੀ ਘਟ ਗਏ ਨੇ। ਹੋਰ ਬਹੁਤ ਗੱਲਾਂ ਹੋਈਆਂ। ਮੇਰੀ ਯਾਰੀ ਜਿਹੀ ਪੈ ਗਈ ਮੇਰੀ ਬਾਪੂ ਦੇ ਉਮਰ ਤੋਂ ਵੱਡੇ ਮਲਕੀਤ ਜੀ ਨਾਲ।

 

ਫੇਰ ਇੱਕ ਦੋ ਵਾਰ ਹੋਰ ਗਿਆ ਮੈਂ ਉਨ੍ਹਾਂ ਕੋਲ। ਆਪਣੀਆਂ ਪੇਂਟਿੰਗਜ਼ ਨੂੰ ਪਰਿਭਾਸ਼ਤ ਕਰਦੇ। ਫੇਰ ਸਿੱਧੂ ਦਮਦਮੀ ਵੱਲੋਂ ਸੰਪਾਦਤ ‘ਸੰਖ਼’ ਮੈਗਜ਼ੀਨ ਕੱਢ ਲਿਆਏ। ਆਪਣੇ ਪੁਰਾਣੇ ਲੇਖ਼ ਦਿਖਾਉਣ ਲੱਗੇ। ਕੁਝ ਦੀਆਂ ਫੋਟੋ ਸਟੇਟਾਂ ਦੇ ਕੇ ਕਹਿੰਦੇ ‘ਪੜ੍ਹ ਕੇ ਦੱਸੀਂ ਮੈਂ ਕਿਹੋ ਜਿਹਾ ਲਿਖ਼ਦਾਂ’। ਐਂਤਕੀ “ਵਾਹਗਾ” ਵਾਲਿਆਂ ਨੇ ਵੀ ਮੇਰਾ ਲੇਖ਼ ਮੰਗਿਆ। ਮੇਰੇ ਮਿੱਤਰ ਬੀਬਾ ਬਲਵੰਤ ‘ਤੇ ‘ਸੰਭਾਵਨਾ’ ਮੈਗਜ਼ੀਨ ਨੇ ਵਿਸ਼ੇਸ਼ ਅੰਕ ਕੱਢਿਐ। ਦੇਖ ਮੈਂ ਵੀ ਇਸ ‘ਚ ਲੇਖ਼ ਲਿਖਿਆ। ਬੀਬੇ ਨੂੰ ਜਵਾਨੀ ‘ਚ ਇੱਕ ਬੀਬੀ ਨੇ ਸ਼ਿਵ ਕੁਮਾਰ ਬਣਾ ‘ਤਾ ਸੀ। ਇਹ ਮੇਰੇ ਦੌਰ ‘ਚ ਹੀ ਆਰਟ ਕਾਲਜ ਚੰਡੀਗੜ੍ਹ ਪੜ੍ਹਦਾ ਸੀ।

 

ਮੈਨੂੰ ਗੱਲਾਂ ‘ਚ ਲੱਗਿਆ “ਮਲਕੀਤ ਜੀ ਏਨੀ ਬੀਮਾਰੀ ‘ਚ ਵੀ ਮਰਨਾ ਨਹੀਂ ਜਿਉਣਾ ਚਾਹੁੰਦੇ ਨੇ’। ਇਹ ਜਿਉਣ ਦਾ ਸੰਵਾਦ ਸੀ। ਬੰਦੇ ਨੂੰ ਜਿਉਣ ਲਈ ਸਪੇਸ ਚਾਹੀਦੈ। ਸਪੇਸ ਮਿਲ ਜਾਵੇ ਤਾਂ ਬੰਦੇ ਜਿਉਂਦੇ ਰਹਿੰਦੇ ਨੇ ਨਹੀਂ ਫਿਰ ਚਲੇ ਤਾਂ ਜਾਣਾ ਹੀ ਹੁੰਦੈ।

 

ਆਖ਼ਰੀ ਦਿਨਾਂ ‘ਚ ਉਹ ਇਕੱਲੇ ਸੀ। ਮੈਨੂੰ ਲੱਗਦੈ ਇਕੱਲੇ ਨਾ ਹੁੰਦੇ ਸ਼ਾਇਦ ਹੋਰ ਜਿਉਂਦੇ ਪਰ ਮੇਰੇ ਦੋਸਤ ਦੀ ‘ਇਕੱਲਤਾ’ ਦੀ ਜ਼ਿੰਦਗੀ ਬਖ਼ਸ਼ਣ ਵਾਲੀ ਗੱਲ ਵੀ ਤਾਂ ਸਾਹਮਣੇ ਹੈ। ਸ਼ਾਇਦ ਬੁੱਧ ਇਕੱਲਤਾ ਨੇ ਬਖ਼ਸ਼ਿਆ ਸੀ। ਉਹ ਪਹਿਲਾਂ ਇਕੱਲੇ ਹੋਏ। ਫੇਰ ਸਾਰਿਆਂ ‘ਚੋਂ ਹੋ ਕੇ ਵੀ ਇਕੱਲੇ ਸੀ ਪਰ ਹਰ ਕੋਈ “ਬੁੱਧ” ਥੋੜੀ ਹੋ ਸਕਦੈ?

 

ਕਲਾਕਾਰਾਂ ਦੀ ਜ਼ਿੰਦਗੀ ਹੀ ਨਹੀਂ ਮੌਤ ਵੀ ਰਹੱਸ ਵਰਗੀ ਹੁੰਦੀ ਹੈ। ਵੀਂਹਵੀ ਸਦੀ ‘ਚ ਜੋਹਨ ਕੀਟਸ ਤੇ ਸ਼ਿਵ ਕੁਮਾਰ ਵਰਗੇ ਕਿੰਨੇ ਹੀ ਪਿਆਰੇ ਲੇਖ਼ਕ, ਕਵੀ ਬੇਹੱਦ ਛੋਟੀ ਉਮਰ ‘ਚ ਚਲੇ ਗਏ। ਉਨ੍ਹਾਂ ਤੋਂ ਦੁੱਗਣਾ, ਤਿੱਗਣਾ ਜਿਉਣ ਵਾਲੇ ਉਨ੍ਹਾਂ ਜਿਹਾ ਕੁਝ ਨਾ ਕਰ ਸਕੇ।

 

ਵੈਸੇ ਤਾਂ ਅਸਲ ਕਲਾਕਾਰ ਲਈ ਜਿਉਣਾ ਵੀ ਕਿੰਨਾ ਕੁ ਅਹਿਮ ਹੈ ? ਵੱਡੇ ਲੋਕ ਕਹਿੰਦੇ ਨੇ ‘ਜੇ ਕੁਝ ਸੁਣਨ, ਬੋਲਣ, ਲਿਖ਼ਣ ਤੇ ਬਣਾਉਣ ਲਈ ਕੁਝ ਨਾ ਬਚਿਆ ਹੋਵੇ ਤਾਂ ਜ਼ਿੰਦਗੀ ਦਾ ਕੀ ਮਤਲਬ ਹੈ? ਉਹ ਤਾਂ ਕਿਸੇ ਜਾਗੇ ਮਨੁੱਖ ਦੀ ਖ਼ੁਦਕੁਸ਼ੀ ਨੂੰ ਵੀ ਬੁਜ਼ਦਿਲੀ ਨਹੀਂ ਕਹਿੰਦੇ। ਸ਼ਾਇਦ ਮਲਕੀਤ ਜੀ ਕੋਲ ਸੁਣਨ, ਬੋਲਣ, ਲਿਖ਼ਣ ਤੇ ਬਣਾਉਣ ਨੂੰ ਕੁਝ ਨਹੀਂ ਬਚਿਆ ਸੀ?

 

ਅਲਵਿਦਾ ਮਲਕੀਤ ਸਰ :( :( :(

First Published: Sunday, 21 January 2018 5:49 PM