ਮੁੱਖ ਮੰਤਰੀ ਕੈਪਟਨ ਦੇ ਨਾਂ ਬੱਚੇ ਦਾ ਖ਼ਤ...

By: ਏਬੀਪੀ ਸਾਂਝਾ | | Last Updated: Sunday, 7 January 2018 5:21 PM
ਮੁੱਖ ਮੰਤਰੀ ਕੈਪਟਨ ਦੇ ਨਾਂ ਬੱਚੇ ਦਾ ਖ਼ਤ...

(ਮੁੱਖ ਮੰਤਰੀ ਦੇ ਅੱਜ ਹੋਣ ਵਾਲੇ ਕਰਜ਼ਾ ਮਾਫੀ ਸ਼ੋਅ ਬਾਰੇ “ਪੰਜਾਬ ਟੂਡੇ” ਵੱਲੋਂ ਕੱਲ੍ਹ ਪ੍ਰਕਾਸ਼ਿਤ ਕੀਤੀ ਭਾਵਪੂਰਤ ਪਰ ਲੰਮੀ ਲਿਖਤ ਦਾ ਰਾਤੋ-ਰਾਤ ਅਨੁਵਾਦ ਕਰਕੇ ਮੇਰੀ ਬੇਟੀ ਰਾਵੀ ਸੰਧੂ ਨੇ ਪੰਜਾਬੀ ਪਾਠਕਾਂ ਦੇ ਰੂਬਰੂ ਕੀਤਾ ਹੈ। ਲੇਖਕ ਨੇ ਖੁਦ ਨੂੰ ਪਰਦੇ ਪਿੱਛੇ ਰੱਖਣਾ ਵਾਜਿਬ ਸਮਝਿਆ ਹੈ। ਜ਼ਰੂਰ ਪੜ੍ਹੋ ਤੇ ਕੋਈ ਸੁਝਾਅ ਹੋਵੇ ਤਾਂ ਦਿਓ) ਮੁੱਖ ਮੰਤਰੀ ਸਾਹਬ, ਕਿਰਪਾ ਕਰਕੇ 7 ਜਨਵਰੀ ਦਾ ਪ੍ਰੋਗਰਾਮ ਰੱਦ ਕਰ ਦਿਓ। ਮੇਰੀ ਅਧਿਆਪਕਾ ਜਿਉਂਦੀ ਨਹੀਂ ਰਹੀ, ਪਰ ਤੁਸੀਂ ਕਿਰਪਾ ਕਰਕੇ ਇਹਨੂੰ ਰੱਦ ਕਰੋ!

 

 

ਮੈਂ ਚੌਦਾਂ ਸਾਲ ਦਾ ਸੀ। ਸਾਲ 1982 ਦੀ ਗੱਲ ਐ। ਜਮਾਤ ਅੱਠਵੀਂ। ਸੈਕਸ਼ਨ ਏ। ਸਰਕਾਰੀ ਜੂਨੀਅਰ ਮਾਡਲ ਸਕੂਲ, ਮਾਡਲ ਟਾਊਨ (ਸ਼ਹਿਰ ਦਾ ਨਾਮ ਜਾਣਬੁਝ ਕੇ ਦੱਸਿਆ ਨਹੀਂ ਜਾ ਰਿਹਾ)। ਜਮਾਤ ਇੰਚਾਰਜ ਅਧਿਆਪਕਾ ਸੁਰਿੰਦਰ ਬਾਲਾ ਇੱਕ ਦਿਆਲ ਕੁਆਰੀ, ਸੋਨੇ ਦੇ ਦਿਲ ਵਾਲੀ ਸਖ਼ਤ ਔਰਤ ਸੀ ਜਿਹੜੀ ਵਿਦਿਆਰਥੀਆਂ ਨੂੰ ਸੱਜੇ ਖੱਬੇ ਦੋਵੇਂ ਗੱਲ੍ਹਾਂ ‘ਤੇ ਇੱਕੋ ਥੱਪੜ ਨਾਲ ਸਿੱਧਾ ਕਰ ਲੈਂਦੀ ਸੀ। ਗਣਿਤ ਦੇ ਸਵਾਲ ‘ਚ ਹਰ ਗ਼ਲਤ ਕਦਮ ਲਈ ਇੱਕ ਥੱਪੜ। ਦਸੰਬਰ ਦੀ ਉਸ ਸਵੇਰ ਉਹ ਵਿਦਿਆਰਥੀਆਂ ਤੋਂ ਮਹੀਨਾਵਾਰ ਫੀਸ ਇਕੱਠੀ ਕਰ ਰਹੀ ਸੀ। 5.75 ਰੁਪਈਏ ਪ੍ਰਤੀ ਵਿਦਿਆਰਥੀ ਦੀ ਇੱਕ ਮੋਟੀ ਰਕਮ।

 

ਹਰੇਕ ਵਿਦਿਆਰਥੀ ਸਮੇਂ ਸਿਰ ਫੀਸ ਨਹੀਂ ਲਿਉਂਦਾ ਸੀ ਜੋ ਹਰ ਮਹੀਨੇ ਦੀ 10 ਤਰੀਕ ਤੱਕ ਲਿਆਉਣੀ ਹੁੰਦੀ ਸੀ। ਇੱਕ ਮਹੀਨਾ ਪਹਿਲਾਂ, ਇੱਕ ਵਿਦਿਆਰਥੀ ਦੇ ਪਿਤਾ ਜੋ ਪੈਸੇ ਪੱਖੋਂ ਕਾਫ਼ੀ ਰੱਜਿਆ-ਪੁੱਜਿਆ ਸੀ, ਨੇ ਜਿਹੜੇ ਬੱਚੇ ਜਾਂ ਤਾਂ ਬਹੁਤ ਗ਼ਰੀਬ ਸਨ ਜਾਂ ਅਨੁਸੂਚਿਤ ਜਾਤੀਆਂ (ਜਿਸ ਦਾ ਮਤਲਬ ਸਾਡੇ ਲਈ ਗ਼ਰੀਬ ਹੀ ਸੀ) ਨਾਲ ਸਬੰਧ ਰੱਖਦੇ ਸਨ, ਉਨ੍ਹਾਂ ਦੀ ਫੀਸ ਦੇ ਬਦਲੇ ਸਕੂਲ ਨੂੰ ਮਹੀਨਾਵਾਰ ਮੋਟੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ।

 

ਇੱਕ ਦਿਨ ਪਹਿਲਾਂ, ਸਾਨੂੰ ਸਾਰਿਆਂ ਨੂੰ ਇੱਕ-ਇੱਕ ਕਰਕੇ ਮੁੱਖ ਅਧਿਆਪਕਾ ਦੇ ਦਫ਼ਤਰ ਬੁਲਾਇਆ ਗਿਆ ਸੀ। ਉਨ੍ਹਾਂ ਨੇ ਮੇਰੀ ਜਮਾਤ ਦੇ ਹਰ ਬੱਚੇ ਨੂੰ ਅਲੱਗ ਤੋਂ ਪੁੱਛਿਆ ਕਿ ਉਸ ਦਾ ਪਿਤਾ ਕੀ ਕਰਦਾ ਸੀ, ਕੀ ਉਸ ਦੀ ਮਾਂ ਘਰੇਲੂ ਕੰਮ ਕਰ ਦੇਖਦੀ ਸੀ, ਉਸ ਦੇ ਕਿੰਨੇ ਭੈਣ ਭਾਈ ਸਨ, ਜੇਬ ਖਰਚ ਮਿਲਦਾ ਸੀ ਕਿ ਨਹੀਂ, ਕਿੰਨਾ- ਉਹ ਹਰ ਚੀਜ਼ ਜਿਸ ਤੋਂ ਉਹ ਹਿਸਾਬ ਲਾ ਸਕਦੇ ਸੀ ਕਿ ਕੋਈ ਵਿਦਿਆਰਥੀ ਫੀਸ ਮਾਫੀ ਲਈ ਯੋਗ ਸੀ ਜਾਂ ਨਹੀਂ। ਉਨ੍ਹਾਂ ਨੂੰ ਇਹ ਫੈਸਲਾ ਕਰਨ ‘ਚ ਜ਼ਿਆਦਾ ਵਕ਼ਤ ਨਹੀਂ ਲੱਗਾ ਕਿ ਮੈਂ ਕਾਫ਼ੀ ਗ਼ਰੀਬ ਸੀ। “ਕਿਸੇ ਨੂੰ ਦੱਸਣਾ ਨੀਂ,” ਉਨ੍ਹਾਂ ਨੇ ਮੈਨੂੰ ਹਦਾਇਤ ਕੀਤੀ। ਇੱਕ ਅੱਠਵੀਂ ਜਮਾਤ ਦੇ ਵਿਦਿਆਰਥੀ ਲਈ ਇਹ ਚੰਗੀ ਨਸੀਹਤ ਸੀ।

 

ਦੋ ਦਿਨ ਬਾਅਦ, ਸ਼੍ਰੀਮਤੀ ਜਸਵੰਤ ਕੌਰ ਦੀ ਤਿਆਰ ਕੀਤੀ ਲਾਭਪਾਤਰ ਵਿਦਿਆਰਥੀਆਂ ਦੀ ਲਿਸਟ ਹੱਥ ‘ਚ ਲੈ ਕੇ ਸੁਰਿੰਦਰ ਬਾਲਾ ਮੈਡਮ ਜਮਾਤ ‘ਚ ਕੰਮ ‘ਤੇ ਲੱਗ ਗਈ। ਸਾਰੇ ਬੱਚੇ ਜਿਹੜੇ ਬਹੁਤ ਗ਼ਰੀਬ ਨੇ, ਤੇ ਜਿਹੜੇ-ਜਿਹੜੇ ਅਨੁਸੂਚਿਤ ਜਾਤੀ ਵਾਲੇ ਨੇ, ਆਪਣੀ-ਆਪਣੀ ਸੀਟ ‘ਤੇ ਖੜ੍ਹੇ ਹੋ ਜਾਓ। ਮੇਰੇ ਕੁਝ ਜਮਾਤੀ ਖੜ੍ਹੇ ਹੋ ਗਏ। ਅੱਠ। “ਬੱਚਿਓ, ਤੁਹਾਡੀ ਸਭ ਦੀ ਫੀਸ ਮਾਫ਼ ਕਰ ਦਿੱਤੀ ਹੈ। ਸਾਰੇ ਗ਼ਰੀਬ ਤੇ ਅਨੁਸੂਚਿਤ ਜਾਤੀ ਦੇ ਬੱਚਿਆਂ ਦੀ ਫ਼ੀਸ ਮਾਫ਼ ਕੀਤੀ ਜਾ ਰਹੀ ਹੈ।” ਉਨ੍ਹਾਂ ਨੇ ਸਾਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੇ ਮਾਪਿਆਂ ਨੂੰ ਵੀ ਇਸ ਬਾਰੇ ਦੱਸਣਾ ਸੀ। ਉਸੇ ਵੇਲੇ ਉਨ੍ਹਾਂ ਦਾ ਧਿਆਨ ਗਿਆ ਕਿ ਮੈਂ ਉਨ੍ਹਾਂ ਵਿਦਿਆਰਥੀਆਂ ‘ਚ ਸ਼ਾਮਲ ਸੀ ਜਿਹੜੇ ਬੈਠੇ ਰਹੇ ਸਨ।

 

“ਕਾਕਾ, ਤੇਰਾ ਨਾਮ ਨਹੀਂ ਪਾਇਆ ਲਿਸਟ ਵਿੱਚ?” ਸੁਰਿੰਦਰ ਬਾਲਾ ਮੈਡਮ ਨੂੰ ਮੇਰੀ ਆਰਥਿਕ ਸਥਿਤੀ ਦਾ ਕਿਸੇ ਅਰਜੁਨ ਸੇਨਗੁਪਤਾ ਜਾਂ ਤੇਂਦੁਲਕਰ ਕਮੇਟੀ ਦੇ ਪਤਾ ਕਰਨ ਨਾਲੋਂ ਜ਼ਿਆਦਾ ਅੰਦਾਜ਼ਾ ਸੀ। ਮੈਂ ਉਹ ਬੱਚਾ ਸੀ ਜੋ ਹਰ ਮਹੀਨੇ ਦੀ ਫੀਸ ਕਾਫ਼ੀ ਜ਼ਿਆਦਾ ਲੇਟ ਜਮ੍ਹਾਂ ਕਰਾਉਂਦਾ ਸੀ। ਇਹਦੇ ਤੋਂ ਇਲਾਵਾ, ਜੇ ਤੁਸੀਂ ਮੇਰੀ ਕਮੀਜ਼ ਤੇ ਮੇਰੀ ਪੈਂਟ ਦੀ ਹਾਲਤ ਅਣਗੌਲੀ ਕਰ ਗਏ ਹੁੰਦੇ, ਮੇਰੇ ਜੁੱਤੇ ਮੇਰੀ ਪੂਰਾ ਆਰਥਿਕ ਇਤਿਹਾਸ ਦੱਸ ਦਿੰਦੇ। ਤੁਸੀਂ ਕਹਿ ਸਕਦੇ ਹੋ ਕਿ ਜੁੱਤੇ ਉਨ੍ਹਾਂ ਦਿਨਾਂ ਦਾ ਇੱਕ ਕਿਸਮ ਦਾ ਅਧਾਰ ਕਾਰਡ ਹੁੰਦੇ ਸੀ।

 

“ਕਾਕਾ, ਤੇਰਾ ਨਾਮ ਹੈਗਾ ਲਿਸਟ ਵਿੱਚ। ਖੜ੍ਹਾ ਹੋ ਜਾ।” ਉਨ੍ਹਾਂ ਨੇ ਲਿਸਟ ‘ਤੇ ਦੁਬਾਰਾ ਨਜ਼ਰ ਮਾਰੀ ਸੀ, ਤੇ ਸੋਚਿਆ ਸੀ ਕਿ ਉਹ (ਮੈਡਮ) ਚੰਗੀ ਖ਼ਬਰ ਦਾ ਸੰਕੇਤ ਸੀ। ਮੈਨੂੰ ਇਸ ਦਾ ਜਵਾਬ ਦੇਣਾ ਪਿਆ: “ਨਹੀਂ ਮੈਡਮ ਜੀ। ਵੱਡੇ ਭੈਣ ਜੀ ਨੇ ਕਿਹਾ ਮੈਨੂੰ ਫ਼ੀਸ ਮਾਫ਼ੀ ਨਹੀਂ ਮਿਲ ਸਕਦੀ।” ਸਾਰੀ ਜਮਾਤ ਮੇਰੇ ਵੱਲ ਦੇਖ ਰਹੀ ਸੀ। “ਨਹੀਂ ਕਾਕਾ, ਤੇਰਾ ਨਾਮ ਹੈਗਾ ਲਿਸਟ ਵਿੱਚ!” “ਨਹੀਂ ਮੈਡਮ ਜੀ, ਮੇਰੇ ਡੈਡੀ ਜੀ ਕਹਿੰਦੇ ਸਿਰਫ਼ ਗ਼ਰੀਬ ਬੱਚਿਆਂ ਦੀ ਫ਼ੀਸ ਮਾਫ਼ ਹੋਣੀ ਹੈ।”

 

ਜਮਾਤ ਵਿੱਚ ਜਿਵੇਂ ਇੱਕ ਵੱਡੀ ਲੜਾਈ ਚੱਲ ਰਹੀ ਸੀ- ਅਰੁਣ ਜੇਤਲੀ ਤੇ ਪੀ ਚਿਦੰਬਰਮ ਵਿਚਲੀ ਲੜਾਈ ਤੋਂ ਵੀ ਕਿਤੇ ਵੱਧ ਜ਼ਬਰਦਸਤ। ਮੇਰੇ ਅਸਲ ਹਾਲਾਤ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਮੇਰੀ ਸਮਝੀ ਜਾਂਦੀ ਹਾਲਤ ਹੋ ਗਈ ਸੀ। ਮੈਂ ਕਿਸੇ ਵੀ ਜੀਡੀਪੀ ਬਚਾਅ ਦੇ ਵਿਚਾਰ ਦਾ ਸੁਆਗਤ ਕਰ ਲਿਆ ਹੁੰਦਾ। ਮੈਂ ਗ਼ਰੀਬ ਹੋਣ ਦਾ ਮਤਲਬ ਜਾਣਦਾ ਸੀ। ਗ਼ਰੀਬੀ ਨੂੰ ਪਰਤ ਦਰ ਪਰਤ ਸਮਝਣ ਦਾ ਮੈਨੂੰ ਹਰ ਰੋਜ਼ ਮੌਕਾ ਮਿਲਦਾ ਸੀ।

 

ਪੰਜਵੀਂ ਜਮਾਤ ਤੱਕ, ਹਲਾਤ ਚੰਗੇ ਸੀ। ਮੈਨੂੰ ਪਤਾ ਸੀ ਕਿ ਕੁਲਫ਼ੀ ਬੜੀ ਸਵਾਦ ਚੀਜ਼ ਸੀ ਪਰ ਹਰ ਰੋਜ਼ ਖਾਣ ਨਾਲ ਦੰਦ ਖ਼ਰਾਬ ਹੁੰਦੇ ਸੀ। ਹੁਣ ਦੇ ਦਿਨਾਂ ਦਾ ਮਸ਼ਹੂਰ ਕੁਲਫ਼ੀ ਵਾਲੇ ਦੀ ਉਹਨਾਂ ਦਿਨਾਂ ‘ਚ ਮੇਰੇ ਕਸਬੇ ਦੇ ਫੁੱਟਪਾਥ ਦੇ ਖੂੰਜੇ ‘ਚ ਨਿੱਕੀ ਜਿਹੀ ਮੌਜੂਦਗੀ ਹੁੰਦੀ ਸੀ। (ਹੁਣ ਪਰਿਵਾਰ ਰਾਜ ਨੂੰ ਇੱਕ ਤਕੜਾ ਲੀਡਰ ਦੇ ਚੁੱਕੀ ਹੈ ਤੇ ਕਈ ਰੈਸਟੋਰੈਂਟਾਂ ਦੀ ਮਾਲਕ ਹੈ।) ਮੈਨੂੰ ਮਹੀਨੇ ‘ਚ ਇੱਕ ਜਾਂ ਦੋ ਵਾਰ ਕੁਲਫ਼ੀ ਮਿਲਦੀ ਸੀ; ਕੁਝ ਬੱਚੇ ਹਰ ਰੋਜ਼ ਇੱਕ ਖਾਂਦੇ ਸੀ। ਸਾਫ਼ ਸੀ ਕਿ ਉਹਨਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਦੰਦਾਂ ਦੀ ਪਰਵਾਹ ਨਹੀਂ ਸੀ। ਮੇਰਿਆਂ ਨੂੰ ਸੀ।

 

ਸੱਤਵੀਂ ਜਮਾਤ ਤੱਕ ਮੇਰੇ ਲਈ ਇਹ ਗੱਲਾਂ ਸਾਫ਼ ਹੋ ਗਈਆਂ ਸੀ। ਮੈਂ ਕੁਲਫ਼ੀ ਅਕਸਰ ਇਸ ਕਰਕੇ ਨਹੀਂ ਸੀ ਖਾ ਸਕਦਾ ਕਿਉਂਕਿ ਅਸੀਂ ਗ਼ਰੀਬ ਸੀ। ਗੱਲ ਖ਼ਤਮ। ਅੱਠਵੀਂ ਜਮਾਤ ਤੱਕ ਮੈਂ ਐਨਾ ਕੁ ਵੱਡਾ ਹੋ ਗਿਆ ਸੀ ਕਿ ਮੈਨੂੰ ਪਤਾ ਸੀ ਕਿ ਗ਼ਰੀਬ ਜਵਾਕਾਂ ‘ਚ ਆਪਣਾ ਨਾਮ ਲੈਣਾ ਮੇਰੇ ਸਮਾਜਿਕ ਤਬਕੇ, ਮੇਰੇ ਮਨੋਬਲ ਲਈ ਮਾੜੀ ਸੀ। ਹਨ ਇਹ ਸੱਚ ਹੈ ਕਿ ਮੇਰੇ ਜੁੱਤੇ ਇਸ ਗੱਲ ਬਾਰੇ ਚੰਗੀ ਤਰ੍ਹਾਂ ਦੱਸ ਦਿੰਦੇ ਸੀ ਪਰ ਇਸ ਬਾਰੇ ਮੈਂ ਕੁਝ ਨਹੀਂ ਕਰ ਸਕਦਾ ਸੀ। ਇਹ ਜ਼ਿਆਦਾ ਜ਼ਰੂਰੀ ਸੀ। ਇਹ ਨਿਸ਼ਾਨਦੇਹੀ ਸੀ। ਹੁਣ ਉਹ ਲਿਸਟਾਂ ਬਣਾ ਰਹੇ ਸੀ।

 

ਇਸ ਤੋਂ ਜ਼ਿਆਦਾ ਜਾਣਕਾਰੀ ਜਾਂ ਤਾਂ ਤੁਹਾਨੂੰ ਰੁਆ ਦੇਵੇਗੀ ਜਾਂ ਤੁਸੀਂ ਕਮਲਿਆਂ ਵਾਂਗ ਉਸ ਗੱਲ ਤੇ ਹੱਸੋਗੇ ਜਿਸ ਬਾਰੇ ਮੈਂ ਐਨਾ ਜ਼ਿਆਦਾ ਸੰਵੇਦਨਸ਼ੀਲ ਹੋ ਰਿਹਾ ਸੀ। ਦੋਵੇਂ ਹੀ ਗੱਲਾਂ ਚੰਗੀਆਂ ਨਹੀਂ ਹੋਣੀਆਂ, ਸਗੋਂ ਦੂਸਰੀ ਤਾਂ ਤੁਹਾਨੂੰ ਤੁਹਾਡੀ ਇਨਸਾਨੀਅਤ ਤੋਂ ਵੀ ਤੁਹਾਨੂੰ ਥੋੜਾ ਜਿਹਾ ਦੂਰ ਕਰ ਦੇਵੇਗੀ। ਮੈਂ ਕਹਾਂਗਾ ਕਿ ਉਲਝੀ ਹੋਈ ਸੁਰਿੰਦਰ ਬਾਲਾ ਨੇ ਮੇਰਾ ਨਾਮ ਉਸ ਲਿਸਟ ਤੋਂ ਹਟਾ ਦਿੱਤਾ, ਤੇ ਮੈਨੂੰ ਆਪਣੇ ਘਰੇ ਆਪਣੇ ਪਿਓ ਨੂੰ ਮਨਾਉਣ ਲਈ ਬੜਾ ਰੌਲਾ ਪਾਉਣਾ ਪਿਆ ਤਾਂ ਕਿ ਉਹ ਸਕੂਲ ਜਾ ਕੇ ਮੇਰੀ ਜਮਾਤ ਇੰਚਾਰਜ ਨਾਲ ਲੜਾਈ ਨਾ ਪਾਵੇ ਕਿ ਮੇਰਾ ਨਾਮ ਫੀਸ ਮਾਫੀ ਵਾਲੇ ਵਿਦਿਆਰਥੀਆਂ ਦੀ ਲਿਸਟ ‘ਚ ਕਿਉਂ ਨਹੀਂ ਸੀ।

 

ਮੇਰੀ ਮੁੱਖ ਅਧਿਆਪਕਾ, ਸ਼੍ਰੀਮਤੀ ਜਸਵੰਤ ਕੌਰ ਇੱਕ ਵੱਡੇ ਕਮਿਊਨਿਸਟ ਲੀਡਰ, ਮਰਹੂਮ ਜਗਜੀਤ ਸਿੰਘ ਲਾਇਲਪੁਰੀ,ਦੀ ਪਤਨੀ ਸੀ ਜੋ ਕਿ ਮੈਨੂੰ ਅਜੇ ਬਾਅਦ ਦੀ ਜ਼ਿੰਦਗੀ ‘ਚ ਪਤਾ ਲੱਗਣਾ ਸੀ। ਕੋਈ ਹੈਰਾਨੀ ਨਹੀਂ ਹੁੰਦੀ ਕਿ ਉਹਨਾਂ ਨੇ ਸਾਨੂੰ ਵਿਦਿਆਰਥੀਆਂ ਨੂੰ ਸਾਡੀ ਆਰਥਿਕ ਸਥਿਤੀ ਬਾਰੇ ਐਨੀ ਡੂੰਘਾਈ ‘ਚ ਪੁੱਛਿਆ ਸੀ।

 

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੁਣ ਦੁਬਾਰਾ ਬੋਰਡ ਦੇ ਪੇਪਰ ਸ਼ੁਰੂ ਕਰਨ ਲੱਗਾ ਹੈ, ਬਿਲਕੁਲ ਜਿਵੇਂ ਦੇ ਵਿੱਚ ਮੈਂ 1982 ‘ਚ ਬੈਠਿਆ ਸੀ। ਪਰ ਨਾ ਤਾਂ ਇਸਨੂੰ ਓਦੋਂ ਪਤਾ ਸੀ ਤੇ ਨਾ ਹੀ ਇਹ ਸਮਝਣਾ ਹੁਣ ਇਸਦੀ ਸਮਰੱਥਾ ਅਧੀਨ ਹੈ ਕਿ ਕਿਸੇ ਵਿਦਿਆਰਥੀ ਨੂੰ ਉਸਦੀ ਨਵੀਨਤਾ, ਦ੍ਰਿੜ੍ਹ ਸੰਘਰਸ਼ਾ ਜੋ ਉਹ ਗ਼ਰੀਬੀ ਦੇ ਜੰਜਾਲ, ਖਸਤਾਹਾਲਤ ਸਕੂਲਾਂ, ਅੱਲੜ੍ਹਾਂ ਦੀਆਂ ਚਿੰਤਾਵਾਂ ਦਾ ਹਾਲ ਨਾ ਕੱਢ ਸਕਣ ਵਾਲੇ ਅਧਿਆਪਕਾਂ, ਤੇ ਲੈਂਡਮਾਈਨਾਂ ਤੇ IEDs (Improvised Explosive Device) ਨਾਲ ਜ਼ਿੰਦਗ਼ੀ ਜਿਹੜੀ ਕਿ ਗ਼ਰੀਬ ਵਿਦਿਆਰਥੀਆਂ ਤੇ ਐਸ ਸੀ, ਐਸ ਟੀ ਵਿਦਿਆਰਥੀਆਂ ਲਈ ਸਰਕਾਰੀ ਸਕੀਮਾਂ ਦੀਆਂ ਲਿਸਟਾਂ ਅਕਸਰ ਬਣ ਸਕਦੀਆਂ ਨੇ, ਤੋਂ ਬਿਨ੍ਹਾਂ ਨੁਕਸਾਨੇ ਬਚ ਆਉਣ ‘ਚ ਲਾਉਂਦੇ ਹਨ ਲਈ ਉਹਨਾਂ ਦਾ ਕਿਵੇਂ ਮੁੱਲ ਤਾਰਿਆ ਜਾ ਸਕਦਾ ਹੈ।

 

ਸਾਲਾਂ ਬਾਅਦ, ਮੈਂ ਸੁਰਿੰਦਰ ਬਾਲਾ ਮੈਡਮ ਨੂੰ ਮਿਲਿਆ। ਮੈਂ ਇੱਕ ਮਹਿੰਗੀ ਕਾਰ ਖ਼ਰੀਦੀ ਸੀ ਤੇ ਮੈਂ ਸਭ ਤੋਂ ਪਹਿਲਾਂ ਇਸ ਨੂੰ ਆਪਣੇ ਸਭ ਤੋਂ ਮਨਪਸੰਦ ਲੋਕਾਂ ਦੇ ਘਰ ਤੱਕ ਚਲਾ ਕੇ ਲਿਜਾਣਾ ਚਾਹੁੰਦਾ ਸੀ. ਮੈਂ ਮੈਡਮ ਨੂੰ ਚੁਣਿਆ। ਆਪਣੇ ਕੰਮ ਨੂੰ ਸਮਰਪਿਤ, ਉਹ ਸਾਨੂੰ ਸਕੂਲ ਖਤਮ ਹੋਣ ਤੋਂ ਬਾਅਦ ਵੀ ਗਣਿਤ ਤੇ ਅੰਗਰੇਜ਼ੀ ਪੜ੍ਹਾਉਂਦੇ ਸੀ। ਅਕਸਰ, ਐਤਵਾਰ ਨੂੰ ਵੀ। “ਜੇ ਮੈਰਿਟ ਨਾ ਆਈ ਤੇਰੀ, ਦੋਵੇਂ ਗੱਲ੍ਹਾਂ ਮਾਰ-ਮਾਰ ਕੇ ਲਾਲ ਕਰ ਦੇਵਾਂਗੀ,” ਕਹਿਕੇ ਉਹ ਸਾਫ ਕਰ ਦਿੰਦੇ ਸੀ। ਮੈਂ ਮੈਰਿਟ ‘ਚ ਆ ਗਿਆ ਸੀ, ਕੁੱਝ ਕੁ ਮੈਡਮ ਦੇ ਗੁੰਡਿਆਂ ਵਰਗੇ ਡਰਾਬਿਆਂ ਕਰਕੇ, ਪਰ ਜ਼ਿਆਦਾ ਉਹਨਾਂ ਦੀ ਵਿਦਿਆਰਥੀਆਂ ਦੇ ਕਾਮਯਾਬ ਹੋਣ ਲਈ ਸਮਰਪਣ ਦੀ ਭਾਵਨਾ ਦੀ ਬਦੌਲਤ।

 

ਮੇਰੇ ਜ਼ਹਿਨ ‘ਚ ਮੈਡਮ ਦੇ ਘਰ ਜਾਣ ਲੱਗਿਆਂ ਲੱਖਾਂ ਖ਼ਿਆਲ ਆਏ। ਉਹ ਬੜਾ ਸਮਾਂ ਪਹਿਲਾਂ ਰਿਟਾਇਰ ਹੋ ਚੁੱਕੇ ਸੀ ਤੇ ਆਪਣੇ ਭਰਾ ਦੀ ਬੇਟੀ ਰੋਜ਼ੀ ਨਾਲ ਰਹਿੰਦੇ ਸੀ। ਅਸੀਂ ਮੇਰੀ ਕਾਰ ਵਿੱਚ ਬਹਿ ਕੇ ਇੱਕ ਚੱਕਰ ਮਾਰਨ ਨਿੱਕਲੇ ਤੇ ਸਕੂਲ ਵੱਲ ਚਲੇ ਗਏ। ਐਤਵਾਰ ਸੀ ਪਰ ਸਕੂਲ ਦੇ ਤੇ ਸਾਰੇ ਕਮਰਿਆਂ ਦੇ ਗੇਟ ਖੁੱਲ੍ਹੇ ਸੀ। ਕੋਈ ਬਹੁਤੀ ਤਬਦੀਲੀ ਨਹੀਂ ਸੀ ਆਈ। ਅਸੀਂ ਮੇਰੀ ਪੁਰਾਣੀ ਜਮਾਤ ਵਿੱਚ ਚਲੇ ਗਏ। ਮੈਂ ਉਹਨਾਂ ਨੂੰ ਯਾਦ ਕਰਾਇਆ ਕੇ 1982 ‘ਚ ਮੇਰੀ ਜਮਾਤ – ਅਸਲ ‘ਚ ਉਹਨਾਂ ਦੀ – ਵਿੱਚ ਕੀ ਹੋਇਆ ਸੀ। ਗ਼ਰੀਬ ਵਿਦਿਆਰਥੀਆਂ ਦੀ ਲਿਸਟ, ਓਹਦੇ ‘ਚ ਮੇਰਾ ਨਾਮ ਹੋਣ ਜਾਂ ਨਾ ਹੋਣ ਦੀ ਪੂਰੀ ਕਹਾਣੀ।

 

“ਮੈਨੂੰ ਮਾਫ਼ ਕਰਦੇ,” ਉਹਨਾਂ ਨੇ ਕਿਹਾ ਤੇ ਕਹਿੰਦਿਆਂ ਹੀ ਰੋ ਪਏ। “ਨਹੀਂ, ਮੈਡਮ, ਮੈਨੂੰ ਮਾਫ਼ ਕਰ ਦਿਓ,” ਮੈਂ ਰੋ ਰਿਹਾ ਸੀ। ਉਹਨਾਂ ਨੇ ਕਿਹਾ ਕਿ ਸ਼ਾਇਦ ਉਹਨਾਂ ਨੂੰ ਜ਼ਿਆਦਾ ਵਧੀਆ ਢੰਗ ਨਾਲ ਮਸਲੇ ਨਾਲ ਨਜਿੱਠਣਾ ਚਾਹੀਦਾ ਸੀ। “ਸ਼ਾਇਦ ਮੈਂ ਇਸ ਕਰਕੇ ਗੜਬੜ ਕਰ ਗਈ ਕਿਉਂਕਿ ਮੇਰੇ ਖ਼ੁਦ ਦੇ ਕੋਈ ਬੱਚੇ ਨਹੀਂ ਸੀ,” ਉਹਨਾਂ ਨੇ ਤਰਕ ਦਿੱਤਾ। ਮੈਂ ਹੁਣ ਉੱਚੀ-ਉੱਚੀ ਰੋ ਰਿਹਾ ਸੀ; ਮੈਨੂੰ ਪਤਾ ਸੀ ਕਿ ਇਸ ਵਾਰ ਗੜਬੜ ਮੈਂ ਕੀਤੀ ਸੀ।

 

ਅਸੀਂ ਤਕਰੀਬਨ ਇੱਕ ਘੰਟਾ ਉਸ ਸਕੂਲ ‘ਚ ਰਹੇ ਹੋਵਾਂਗੇ। ਮੈਂ ਉਹਨਾਂ ਨੂੰ ਦੱਸਿਆ ਕਿ ਉਹ ਹੀ ਹਨ ਜਿਹਨਾਂ ਦਾ ਮੈਂ ਉਮਰ ਭਰ ਹਰ ਇੱਕ ਚੀਜ਼ ਲਈ ਸੁ਼ਕਰਗੁਜਾਰ ਰਹਾਂਗਾ। ਜਿਸ ਸਕੂਲ ‘ਚ ਮੈਂ ਬਾਅਦ ਵਿੱਚ ਪੜ੍ਹਿਆ, ਜਿਹੜੀ ਸਿੱਖਿਆ ਮੈਂ ਹਾਸਲ ਕੀਤੀ, ਜੋ ਪਤਨੀ ਮੈਨੂੰ ਮਿਲੀ, ਜਿਹੜੀ ਕਾਰ ਮੈਂ ਖ਼ਰੀਦੀ, ਜਿਹੜੀਆਂ ਕਿਤਾਬਾਂ ਮੈਂ ਪੜ੍ਹੀਆਂ, ਤੁਹਾਨੂੰ ਇਹੋ ਜਿਹੀ ਕਹਾਣੀ ਸੁਣਾ ਸਕਣ ਦੀ ਕਾਬਲੀਅਤ ਲਈ।

 

“ਪਰ ਮੈਂ ਉਹ ਲਿਸਟ ਨੂੰ ਉਸ ਭਰੀ ਜਮਾਤ ‘ਚ ਪੜ੍ਹਨ ਲਈ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰਾਂਗੀ, ਮੈਨੂੰ ਮਾਫ਼ ਕਰੀਂ। ਮੈਨੂੰ ਸਮਝਣਾ ਚਾਹੀਦਾ ਸੀ,” ਵਾਪਸ ਆਉਂਦਿਆਂ ਉਹ ਕਹਿੰਦੇ ਰਹੇ। ਜਦੋਂ ਅਸੀਂ ਗੇਟ ‘ਤੇ ਪਹੁੰਚੇ, ਉਹਨਾਂ ਕਿਹਾ, “ਰੋਜੀ਼ ਨੂੰ ਇਸ ਬਾਰੇ ਨਾ ਦੱਸੀਂ। ਉਹ ਮੇਰੇ ਬਾਰੇ ਪਤਾ ਨਹੀਂ ਕੀ ਸੋਚੇਗੀ।” ਮੈਂ ਉਹਨਾਂ ਨੂੰ ਭਰੋਸਾ ਦਵਾਇਆ ਕਿ ਮੈਂ ਨਹੀਂ ਦੱਸਾਂਗਾ। “ਤੂੰ ਮੈਨੂੰ ਮਾਰ ਲੈ ਭਾਵੇਂ ਜਿਵੇਂ ਮੈਂ ਕੁੱਟਦੀ ਸੀ ਤੁਹਾਨੂੰ,” ਉਹਨਾਂ ਕਿਹਾ। ਅਸੀਂ ਦੋਵੇਂ ਫੇਰ ਰੋ ਪਏ। ਮੈਨੂੰ ਉਸ ਵਾਕਿਏ ਬਾਰੇ ਗੱਲ ਨਹੀਂ ਸੀ ਕਰਨੀ ਚਾਹੀਦੀ। ਮੈਨੂੰ ਅੱਜ ਤੱਕ ਵੀ ਇਸਦਾ ਅਫ਼ਸੋਸ ਹੈ, ਬਾਲਾ ਮੈਡਮ। ਮੁੱਖ ਮੰਤਰੀ ਸਾਹਬ, ਮੇਰੀ ਮੈਡਮ ਜਿਉਂਦੀ ਨਹੀਂ ਹੈ। ਪਰ ਤੁਹਾਨੂੰ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

 

ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਐਤਵਾਰ, 7 ਜਨਵਰੀ ਦੀ ਸਵੇਰ ਮਾਨਸਾ ਵਿਖੇ ਸਰਟੀਫਿਕੇਟ ਦੇਣ ਲਈ ਇੱਕ ਇੱਕ ਕਰਕੇ ਕਿਸਾਨਾਂ ਦੇ ਨਾਮ ਪੁਕਾਰੇਗਾ ਜਿਹਨਾਂ ‘ਤੇ ਲਿਖਿਆ ਹੋਵੇਗਾ ਕਿ ਉਸ ਗ਼ਰੀਬ ਆਦਮੀ ਦਾ ਕਰਜਾ ਸਰਕਾਰ ਨੇ ਚੁਕਾ ਦਿੱਤਾ ਹੈ, ਇਹ ਸਿਰਫ਼ ਇਸ ਕਰਕੇ ਹੋਵੇਗਾ ਕਿਉਂਕਿ ਉਹ ਨਹੀਂ ਜਾਣਦਾ ਗ਼ਰੀਬ ਹੋਣਾ ਕੀ ਹੁੰਦਾ ਹੈ। ਜਦੋਂ ਉਹ ਸਰਟੀਫਿਕੇਟ ਕਿਸਾਨ ਦੇ ਹੱਥ ‘ਚ ਦੇਵੇਗਾ, ਜਿਸ ਉੱਤੇ ਇੱਕ ਲਾਭਪਾਤਰੀ ਤੇ ਇੱਕ ਮਹਾਰਾਜੇ ਦੀ ਤਸਵੀਰ ਹੋਵੇਗੀ, ਇਹ ਸਿਰਫ਼ ਇਸ ਲਈ ਹੋਵੇਗਾ ਕਿਉਂਕਿ ਕੋਈ ਐਸਾ ਬੰਦਾ ਨਹੀਂ ਜਿਹੜਾ ਉਸਨੂੰ ਦੱਸ ਸਕੇ ਕਿ ਇੱਕ ਰਾਜੇ ਨੂੰ ਪਰਜਾ ਦੀ ਗ਼ਰੀਬੀ ਦਾ ਮਖੌਲ ਉਡਾਉਣਾ ਸੋ਼ਭਾ ਨਹੀਂ ਦਿੰਦਾ। ਕਿ ਗ਼ਰੀਬਾਂ ਦੀ ਬਿਲਕੁਲ ਥੋੜ੍ਹੇ ਜਿਹੇ ਕਰਜੇ ਨੂੰ ਮੋੜ ਸਕਣ ‘ਚ ਅਸਮਰਥਤਾ ਉੱਤੇ ਵੱਡੇ ਵੱਡੇ ਗਾਇਕ ਬੁਲਾ ਕੇ ਨਾਚ ਗਾਣਾ ਨਹੀਂ ਕੀਤਾ ਜਾਂਦਾ ਹੁੰਦਾ। ਕਿ ਗ਼ਰੀਬਾਂ ਦੇ ਪੈਸੇ ਨਾਲ ਇਹੋ ਜਿਹੇ ਇਕੱਠ ਕਰਕੇ ਪ੍ਰੋਗਰਾਮ ਨਹੀਂ ਰੱਖੇ ਜਾਂਦੇ ਹੁੰਦੇ, ਜਿੱਥੇ ਉਹਨਾਂ ਮਰਦਾਂ ਤੇ ਔਰਤਾਂ ਦੀਆਂ ਸ਼ਕਲਾਂ ਲੋਕਾਂ ਨੂੰ ਦਿਖਾਈਆਂ ਜਾਣ ਜਿਹਨਾਂ ਨੇ ਆਪਣੇ ਆਪ ਨੂੰ ਗ਼ਰੀਬੀ ਕਾਰਨ ਆਤਮਦਾਹ ਕਰਨ ਤੋਂ ਰੋਕਿਆ, ਜਿੱਥੇ ਉਹਨਾਂ ਦੀ ਗ਼ਰੀਬੀ ਬਾਰੇ ਤੱਥ ਹਜਾਰਾਂ ਦੇ ਇਕੱਠ ਵਿੱਚ ਸੁਣਾਏ ਤੇ ਲੱਖਾਂ ਦੀ ਗਿਣਤੀ ਲਈ ਟੈਲੀਕਾਸਟ ਨਹੀਂ ਕੀਤੇ ਜਾਂਦੇ ਹੁੰਦੇ।

 

ਗ਼ਰੀਬ ਲੋਕਾਂ ਵਿੱਚ ਨੁਮਾਇਸ਼ ਕਰਨ ਵਾਲੀ ਕੋਈ ਚੀਜ਼ ਨਹੀਂ ਹੁੰਦੇ, ਮੁੱਖ ਮੰਤਰੀ ਸਾਹਬ। ਇੱਕ ਇੱਕ ਕਿਸਾਨ ਦੇ ਕਰਜੇ ਦੀ ਰਕਮ ਲੋਕਾਂ ਵਿੱਚ, ਟੈਲੀਵਿਜ਼ਨ ਕੈਮਰਿਆਂ ਉੱਤੇ ਦਰਸਾਉਣ ਲਈ ਨਹੀਂ ਹੁੰਦੀ। ਤੁਹਾਨੂੰ ਲੱਖਾਂ ਕਿਸਾਨਾਂ ਨੂੰ, ਉਹਨਾਂ ਪਿੰਡਾਂ ‘ਚ ਜਿੱਥੇ ਉਹਨਾਂ ਨੇ ਪੀੜ੍ਹੀ ਦਰ ਪੀੜ੍ਹੀ ਰਹਿ ਕੇ ਜਿੰਦਗੀ ਦੇ ਮੁਸ਼ਕਿਲ ਨਾਲ ਗੁਜਾਰੇ ਮਾਤਰ ਲਈ ਐਨੀ ਮਿਹਨਤ ਕੀਤੀ ਜਿੰਨੀ ਤੁਸੀਂ ਆਪਣੀ ਸਾਰੀ ਜਿੰਦਗੀ ‘ਚ ਕਦੇ ਨਹੀਂ ਕੀਤੀ ਹੋਣੀ, ਉਹਨਾਂ ਦੇ ਨਾਮ ਲੋਕਾਂ ‘ਚ ਨੁਮਾਇਸ਼ ਲਾ ਕੇ ਸ਼ਰਮਸਾਰ ਨਹੀਂ ਕਰਨਾ ਚਾਹੀਦਾ। ਉਹਨਾਂ ਦੀਆਂ ਕੰਗਾਲੀਆਂ, ਬਿਮਾਰੀ ਪਈਆਂ, ਬੇਉਮੀਦ ਜਿੰਦਗੀਆਂ ਨੂੰ ਚੌਰਾਹੇ ‘ਚ ਘਸੀਟਣਾ ਤੇ ਫੇਰ ਉਹਨਾਂ ਦੇ ਲੀਡਰ ਹੋਣ ਦਾ ਦਾਅਵਾ ਕਰਨਾ ਤੁਹਾਡਾ ਕੰਮ ਨਹੀਂ। ਉਹ ਤੁਹਾਡੇ ਹੈਲੀਕਾਪਟਰ ਸਮੇਤ ਤੁਹਾਡੇ ਹੰਕਾਰ ਤੇ ਹੋਰ ਬਹੁਤ ਕੁੱਝ ਦੀ ਕੀਮਤ ਅਦਾ ਕਰਦੇ ਹਨ। ਤੁਹਾਨੂੰ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

 

ਤੁਸੀਂ ਸਿੱਧਾ ਬੈਂਕਾਂ ਨੂੰ ਲਿਖ ਸਕਦੇ ਹੋ, ਸਰਕਾਰੀ ਖ਼ਜਾਨਾ ਕਰਜਾ ਅਦਾ ਕਰ ਸਕਦਾ ਹੈ, ਤੇ ਬੈਂਕ ਕਿਸਾਨ ਦੇ ਘਰ ਦੇ ਪਤੇ ‘ਤੇ ਚਿੱਠੀ ਭੇਜ ਸਕਦੇ ਹਨ, ਉਸੇ ਪਤੇ ‘ਤੇ ਜਿਸ ਉੱਪਰ ਤੁਹਾਡੀ ਸਰਕਾਰ ਕੁਰਕੀ ਦੇ ਕਾਗਜ਼ ਭੇਜਦੀ ਹੈ। ਤੁਹਾਨੂੰ ਉਸ ਪ੍ਰੋਗਰਾਮ ਦੀ ਜ਼ਰੂਰਤ ਨਹੀਂ। ਇਹਨੂੰ ਰੱਦ ਕਰਨ ਨਾਲ ਤੁਹਾਨੂੰ ਜਿਆਦਾ ਵੋਟਾਂ ਪੈ ਜਾਣਗੀਆਂ। ਤੁਹਾਡੇ ਵਿਰੋਧੀ ਵੀ ਹਰ ਚੀਜ਼ ‘ਤੇ ਆਪਣੀ ਤਸਵੀਰ ਲਾਉਂਦੇ ਨੇ – ਸਾਇਕਲ, ਐਂਬੂਲੈਂਸ। ਜਿੱਤ ਹਾਸਲ ਕਰੋ। ਇਹ ਪ੍ਰੋਗਰਾਮ ਨਾ ਕਰੋ। ਸੁਰਿੰਦਰ ਬਾਲਾ ਮੈਡਮ ਜਿਉਂਦੀ ਨਹੀਂ ਰਹੀ, ਤੇ ਤੁਸੀਂ ਐਨੇ ਜਵਾਨ ਨਹੀਂ ਹੋ। ਸੋ ਸਪੱਸ਼ਟ ਹੈ ਕਿ ਮੈਂ ਉਹਨਾਂ ਨੂੰ ਸਾਡੇ ਲੀਡਰਾਂ ਦੀਆਂ ਗੱਲ੍ਹਾਂ ਲਾਲ ਕਰਨ ਲਈ ਨਹੀਂ ਕਹਿ ਸਕਦਾ। ਪਰ ਕੀ ਤੁਹਾਨੂੰ ਇੱਕ ਵਾਰ ਪਿੱਛੇ ਹਟ ਰੁਕ ਕੇ ਸੋਚਣਾ ਨਹੀਂ ਚਾਹੀਦਾ? ਜੇ ਰੋਜੀ਼ ਨੇ ਇਸਨੂੰ ਪੜ੍ਹਿਆ ਤਾਂ ਉਹ ਆਪਣੀ ਭੂਆ ਨੂੰ ਮਾਫ਼ ਕਰ ਦੇਵੇਗੀ। ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਰੱਬ ਤੁਹਾਡੀਆਂ ਗੱਲ੍ਹਾਂ ਬਚਾਵੇ।

First Published: Sunday, 7 January 2018 5:21 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ