ਨਵੀਂ ਖੋਜ: ਹੁਣ ਟੀਕੇ ਤੇ ਦਵਾਈਆਂ ਨੂੰ ਫਰਿੱਜ 'ਚ ਰੱਖਣ ਦੀ ਨਹੀਂ ਲੋੜ

By: abp sanjha | | Last Updated: Friday, 28 April 2017 3:49 PM
ਨਵੀਂ ਖੋਜ: ਹੁਣ ਟੀਕੇ ਤੇ ਦਵਾਈਆਂ ਨੂੰ ਫਰਿੱਜ 'ਚ ਰੱਖਣ ਦੀ ਨਹੀਂ ਲੋੜ

ਲੰਡਨ: ਤਾਪਮਾਨ ਨੂੰ ਟੀਕਾਕਰਨ ਦੇ ਰਸਤੇ ‘ਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਮੰਨਿਆ ਜਾਂਦਾ ਹੈ। ਟੀਕੇ ਤੇ ਬਹੁਤ ਸਾਰੀਆਂ ਦਵਾਈਆਂ ‘ਚ ਕੁਝ ਇਸ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ ਜੋ ਤਾਪਮਾਨ ਦੇ ਵਧਦੇ ਸਾਰ ਟੁੱਟ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਰੱਖਣ ਤੇ ਇਕ ਤੋਂ ਦੂਜੀ ਥਾਂ ਲਿਜਾਣ ਲਈ ਫਰਿਜ ਦੀ ਜ਼ਰੂਰਤ ਪੈਂਦੀ ਹੈ। ਹੁਣ ਵਿਗਿਆਨੀਆਂ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ।
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬਾਥ ਦੇ ਖੋਜੀਆਂ ਨੇ ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਦੂਰ ਦਰਾਡੇ ਇਲਾਕੇ ‘ਚ ਭੇਜਣ ਦਾ ਸੌਖਾ, ਸਸਤਾ ਤੇ ਸੁਰੱਖਿਅਤ ਤਰੀਕਾ ਖੋਜਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਲੀਕਾ ਤੋਂ ਬਣੇ ਕਵਚ ਵਿੱਚ ਰੱਖ ਕੇ ਇਨ੍ਹਾਂ ਦਵਾਈਆਂ ਨੂੰ 100 ਡਿਗਰੀ ਸੈਲਸੀਅਸ ਤੱਕ ਤਾਪਮਾਨ ‘ਤੇ ਵੀ ਸੁਰੱਖਿਅਤ ਰੱਖਣਾ ਸੰਭਵ ਹੋ ਸਕਦਾ ਹੈ।
ਮਿੱਟੀ ਤੋਂ ਮਿਲਣ ਵਾਲੀ ਸਿਲੀਕਾ ‘ਚ ਕੋਈ ਜ਼ਹਿਰੀਲਾ ਪ੍ਰਭਾਵ ਨਹੀਂ ਹੁੰਦਾ। ਇਹ ਟੀਕੇ ਤੇ ਦਵਾਈ ਦੇ ਤੱਤਾਂ ਨਾਲ ਕੋਈ ਕਿਰਿਆ ਵੀ ਨਹੀਂ ਕਰਦੀ। ਖੋਜੀਆਂ ਨੇ ਦੱਸਿਆ ਕਿ ਟੀਕਿਆਂ ਨੂੰ ਹਮੇਸ਼ਾ ਫਰਿਜ ਵਿੱਚ ਰੱਖਣਾ ਪੈਂਦਾ ਹੈ। ਇਨ੍ਹਾਂ ਨੂੰ ਇੱਕ ਤੋਂ ਦੂਜੇ ਥਾਂ ਲਿਜਾਣ ਲਈ ਵੀ ਇਸ ਤਰ੍ਹਾਂ ਦੀ ਵਿਵਸਥਾ ਕਰਨੀ ਪੈਂਦੀ ਹੈ, ਜਿਸ ਨੂੰ ਕੋਲਡ ਚੇਨ ਕਹਿੰਦੇ ਹਨ। ਖੋਜਕਾਰੀ ਐਸੇਲ ਸਾਰਟਬਾਏਵਾ ਨੇ ਕਿਹਾ ਕਿ ਪ੍ਰੋਟੀਨ ਟੁੱਟਣ ਮਗਰੋਂ ਬੇਕਾਰ ਹੋ ਜਾਂਦਾ ਹੈ।
ਇਹ ਬਿਲਕੁਲ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਉਬਲੇ ਹੋਏ ਅੰਡੇ ਨੂੰ ਫਿਰ ਕੱਚਾ ਅੰਡਾ ਨਹੀਂ ਬਣਾਇਆ ਜਾ ਸਕਦਾ। ਸਿਲੀਕਾ ਕਵਚ ‘ਚ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਤਕਨੀਕ ਟੀਕਿਆਂ ਤੇ ਦਵਾਈਆਂ ਬਣਾਏ ਰੱਖਣ ਲਈ ਫਰਿਜ ਤੇ ਕੋਲਡ ਚੈਨ ਦੀ ਮਹਿੰਗੀ ਵਿਵਸਥਾ ਤੋਂ ਮੁਕਤੀ ਦਿਵਾ ਸਕਦੀ ਹੈ।
First Published: Friday, 28 April 2017 3:49 PM