
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਆਪਣੇ ਹੀ ਮੰਤਰੀਆਂ ਨੂੰ ਖੁੱਡੇ ਲਾਉਣ ਦੀ ਸਿਆਸਤ ਖੇਡਣ ਦਾ ਇਲਜ਼ਾਮ ਲਾਇਆ ਹੈ। ਖਹਿਰਾ ਨੇ ਕਿਹਾ ਕਿ ਦਰਅਸਲ ਕੈਪਟਨ ਆਪਣੀ ਪਾਰਟੀ ਵਿੱਚ ਕਿਸੇ ਦਾ ਰਾਜਨੀਤਿਕ ਕੱਦ ਉੱਚਾ ਨਹੀਂ ਹੋਣੇ ਦਿੰਦੇ ਤੇ ਜੇਕਰ ਹੋਣ ਲੱਗਦਾ ਹੈ ਤਾਂ ਉਸ ਦੇ ਪਾਰ ਕੱਟ ਦਿੰਦੇ ਹਨ ਜਿਸ ਤਰ੍ਹਾਂ ਸਿੱਧੂ ਨਾਲ ਕੀਤਾ ਜਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੋਹਰਾ ਮਾਪਦੰਡ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਧੂ ਮਾਮਲੇ ਵਿੱਚ ਕਹਿ ਰਹੀ ਹੈ ਕਿ ਉਹ 30 ਸਾਲ ਪੁਰਾਣੇ ਸਟੈਂਡ ਤੋਂ ਪਿੱਛੇ ਨਹੀਂ ਹਟ ਸਕਦੇ ਪਰ ਕੈਪਟਨ ਦੇ ਖਿਲਾਫ ਲੁਧਿਆਣਾ ਸਿਟੀ ਘੋਟਾਲੇ ਅਤੇ ਅੰਮ੍ਰਿਤਸ ਇੰਪਰੂਵਮੈਂਟ ਘੋਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਆਪਣਾ ਸਟੈਂਡ ਬਦਲ ਲਿਆ ਸੀ।
ਸੁਖਪਾਲ ਖਹਿਰਾ ਨੇ ਵਿਧਾਇਕਾਂ ਨੂੰ ਮੰਤਰੀਆਂ ਦੇ ਸਹਾਇਕ ਲਗਾਏ ਜਾਣ ਦੇ ਪ੍ਰਸਤਾਵ ਦਾ ਵਿਰੋਧ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਵੱਲੋ ਸੀ.ਪੀ.ਐਸ. ਲਗਾਏ ਗਏ ਸਨ ਜਿਨ੍ਹਾਂ ਦੀ ਨਿਯੁਕਤੀਆਂ ਨੂੰ ਹਾਈਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਅਤੇ ਮੌਜੂਦਾ ਸਰਕਾਰ ਉਸੇ ਤਰ੍ਹਾਂ ਚੋਰ ਦਰਵਾਜ਼ੇ ਰਹੀ ਵਿਧਾਇਕਾਂ ਨੂੰ ਅਡਜਸਟ ਕਰਨਾ ਚਾਹੁੰਦੀ ਹੈ ਤੇ ਜੇਕਰ ਸਰਕਾਰ ਨੇ ਇਸ ਤਰ੍ਹਾਂ ਕੀਤਾ ਤਾਂ ਅਸੀਂ ਉਨ੍ਹਾਂ ਦੀਆਂ ਨਿਯੁਕਤੀਆਂ ਨੂੰ ਹਾਈਕੋਰਟ ਵਿੱਚ ਚੁਣੌਤੀ ਦਿਆਂਗੇ।
ਵਿਰੋਧੀ ਧਿਰ ਦੇ ਨੇਤਾ ਅਤੇ ਆਪ ਆਗੂ ਸੁਖਪਾਲ ਖਹਿਰਾ ਅੱਜ ਅਮ੍ਰਿਤਸਰ ਨਿੱਜੀ ਦੌਰੇ ‘ਤੇ ਪਹੁੰਚੇ ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਵੱਲੋਂ ਜੋ ਫੈਸਲਾ ਉਨ੍ਹਾਂ ਦੇ ਖਿਲਾਫ ਲਿਆ ਗਿਆ ਹੈ ਉਸ ਨੂੰ ਉਹ ਪਿਛਲੀ ਸਰਕਾਰ ਦੇ ਦੌਰਾਨ ਹੀ ਹਾਈ ਕੋਰਟ ਵਿੱਚ ਗ਼ਲਤ ਸਾਬਿਤ ਕਰ ਚੁਕੇ ਹਨ। ਖਹਿਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਕਹਿਣ ਤੇ ਅਤੇ ਜਿਨ੍ਹਾਂ ਪੁਲਿਸ ਅਫਸਰਾਂ ਨੇ ਉਨ੍ਹਾਂ ਤੇ ਉਨ੍ਹਾਂ ਦੇ ਵਰਕਰਾਂ ਦੇ ਖਿਲਾਫ ਝੂਠੇ ਕੇਸ ਦਰਜ਼ ਕੀਤੇ ਸਨ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਖਹਿਰਾ ਨੇ ਅੱਜ ਵੀ ਆਪਣੇ ‘ਤੇ ਹੋਏ ਡਰੱਗ ਕੇਸ ਦੀ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ।